ਨਿਹਾਲ ਕੌਰ (ਨਾਵਲ) -ਸੁਖਦੀਪ ਕੌਰ ਥਿੰਦ

ਨਿਹਾਲ ਕੌਰ (ਨਾਵਲ)  -ਸੁਖਦੀਪ ਕੌਰ ਥਿੰਦ
ਸੁਖਦੀਪ ਕੌਰ ਥਿੰਦ

ਦੋ ਸ਼ਬਦ....

ਅਜ਼ੀਜ਼ ਪਾਠਕ ਸਾਹਿਬਾਨ!

'ਸਿਰਜਣਾ' ਵੱਲੋਂ ਬੜੇ ਮਾਣ ਨਾਲ ਸੁਖਦੀਪ ਕੌਰ ਥਿੰਦ ਜੀ ਨੂੰ ਉਹਨਾਂ ਦੇ ਅਣਛਪੇ ਨਾਵਲ 'ਨਿਹਾਲ ਕੌਰ' ਰਾਹੀਂ ਪਹਿਲੀ ਵਾਰ ਤੁਹਾਡੇ ਸਨਮੁਖ ਕੀਤਾ ਜਾ ਰਿਹਾ ਹੈ। ਇਹ ਪਬਲਿਸ਼ ਹੋਣ ਵਾਲੀ ਉਹਨਾਂ ਦੀ ਪਲੇਠੀ ਰਚਨਾ ਹੈ ਜੋ ਤੁਹਾਡੀ ਕਚਹਿਰੀ ਵਿੱਚ ਹਾਜ਼ਿਰ ਹੈ, ਭਾਵੇਂ ਕਿ ਉਹ ਬੜੀ ਦੇਰ ਤੋਂ ਸਾਹਿਤ ਸਿਰਜਣਾ ਕਰ ਰਹੇ ਹਨ।ਕਵਿਤਾ ਅਤੇ ਕਹਾਣੀ ਜਿਹੀਆਂ ਸਾਹਿਤਿਕ ਵਿਧਾਵਾਂ ਵਿੱਚ ਹੱਥ ਅਜ਼ਮਾਈ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਨਾਵਲ ਹੈ,ਜੋ ਤੁਹਾਡੇ ਸਨਮੁਖ ਹੈ।


ਸੁਖਦੀਪ ਜੀ ਕੋਲ ਜ਼ਿੰਦਗੀ ਦਾ ਕੌੜਾ-ਮਿੱਠਾ ਵਿਸ਼ਾਲ ਅਨੁਭਵ ਹੈ, ਜ਼ਿੰਦਗੀ ਦੇ ਹਰ ਮੁਹਾਜ਼ 'ਤੇ ਉਹਨਾਂ ਨੇ ਔਕੜਾਂ ਮੁਸੀਬਤਾਂ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ, ਹਰ ਬੁਰੀ ਤੋਂ ਬੁਰੀ ਸਥਿਤੀ ਵਿੱਚ ਅੰਤਾਂ ਦਾ ਧੀਰਜ ਦਿਖਾਇਆ, ਆਪਣਿਆਂ-ਪਰਾਇਆਂ ਦੀ ਗੱਲ ਤਾਂ ਦੂਰ,ਕਦੇ ਦੁੱਖਾਂ ਤਕਲੀਫ਼ਾਂ ਨੂੰ ਸਾਹਮਣੇ ਦੇਖ ਵੀ ਮੱਥੇ ਵੱਟ ਨਹੀਂ ਪਾਇਆ, ਸਗੋਂ ਖਿੜੇ ਮੱਥੇ ਸਭ ਦਾ ਸਵਾਗਤ ਕੀਤਾ। ਬੇਟੀ, ਭੈਣ, ਪਤਨੀ, ਮਾਂ - ਜੀਵਨ ਦੇ ਹਰ ਕਿਰਦਾਰ ਨੂੰ ਇੱਕ ਆਦਰਸ਼ ਦੀ ਤਰਾਂ ਜੀਵਿਆ। ਨਿੱਜੀ ਅਤੇ ਜਨਤਕ ਜੀਵਨ ਵਿੱਚ ਹਰ ਮੋੜ 'ਤੇ ਨਿਰਸੰਕੋਚ ਉਹਨਾਂ ਇੱਕ ਆਦਰਸ਼ ਔਰਤ ਹੋਣ ਦਾ ਸਬੂਤ ਦਿੱਤਾ ਹੈ।


ਮੇਰੇ ਲਈ ਉਹ ਹਮੇਸ਼ਾਂ ਇੱਕ ਮਮਤਾਮਈ ਮੂਰਤ ਅਤੇ ਪ੍ਰੇਰਣਾ ਦਾ ਸੋਮਾ ਰਹੇ ਹਨ, ਪਰਮਾਤਮਾ ਪਾਸੋਂ ਹਮੇਸ਼ਾਂ ਉਹਨਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਦੁਆ ਗੋ ਹਾਂ।ਪਿੰਡ ਥਰੀਕੇ ਵਿੱਚ ਜਨਮੇ ਸੁਰਿੰਦਰ ਕੌਰ ਜੋ ਆਪਣੇ ਸਹੁਰੇ ਘਰ ਰਾਏਕੋਟ ਵਿੱਚ ਜਾ ਕੇ ਸੁਖਦੀਪ ਕੌਰ ਹੋ ਗਏ, ਅੱਜਕੱਲ ਕੈਨੇਡਾ ਵਿਖੇ ਆਪਣੇ ਭਰੇ ਪੂਰੇ ਪਰਿਵਾਰ ਸਮੇਤ ਰਹਿ ਰਹੇ ਹਨ।


ਉਹਨਾਂ ਦੀ ਸਾਦਗੀ ਅਤੇ ਸਰਲਤਾ ਦਾ ਝਲਕਾਰਾ ਉਹਨਾਂ ਦੀ ਲਿਖਤ ਵਿੱਚੋਂ ਵੀ ਮੂਰਤੀਮਾਨ ਹੋਏਗਾ, ਮੈਨੂੰ ਇਸ ਦੀ ਪੂਰਨ ਆਸ ਹੈ। ਮੇਰੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਉਹਨਾਂ ਦੇ ਚਰਨਾਂ ਵਿੱਚ ਅਰਪਿਤ ਹਨ..........!


-ਹਰਦੇਵ ਗਰੇਵਾਲ

Saturday, December 5, 2009

ਨਿਹਾਲ ਕੌਰ -ਸੁਖਦੀਪ ਕੌਰ ਥਿੰਦ -ਭਾਗ ਪਹਿਲਾ -1

1.

                      ਮੰਗਲ ਸਿੰਘ ਚੰਗੇ ਖਾਂਦੇ -ਪੀਂਦੇ ਘਰ ਦਾ ਇੱਕ ਸਮਝਦਾਰ ਵਿਅਕਤੀ ਸੀ। ਆਪਣੇ ਵੇਲੇ ਦੀਆਂ ਦਸ ਜਮਾਤਾਂ ਪਾਸ ਹੋਣ ਕਰਕੇ ਸੈਕਟਰੀ ਵਜੋਂ ਨੌਕਰੀ ਕਰਦਾ ਸੀ। ਉਸਦਾ ਛੋਟਾ ਭਰਾ ਖੇਤੀਬਾੜੀ ਕਰਦਾ ਸੀ ਤੇ ਦੋਨਾਂ ਵਿੱਚ ਅਥਾਹ ਪਿਆਰ ਸੀ। ਦੋਵੇਂ ਇੱਕ ਦੂਜੇ ਤੋਂ ਬਗੈਰ ਰੋਟੀ ਨਹੀਂ ਨਹੀਂ ਖਾਂਦੇ ਸਨ। ਛੋਟੇ ਭਰਾ ਦਾ ਪਹਿਲਾਂ ਵਿਆਹ ਕਰ ਦਿੱਤਾ ਗਿਆ ਸੀ। ਅੱਗੇ ਕਿਹੜਾ ਕੋਈ ਦੇਖ ਦਿਖਾਈ ਕਰਦਾ ਹੁੰਦਾ ਸੀ,ਨਾਈਆਂ ਤੇ ਬਾਹਮਣਾਂ ਦੇ ਕਹੇ ਤੇ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ ਸਨ। ਵਿਆਹ ਕੀ ਕੀਤਾ, ਉਸਦੀ ਪਤਨੀ ਤਾਂ ਜਿਵੇਂ ਸਿੱਧੀ ਜੰਗ ਦੇ ਮੈਦਾਨ 'ਚੋਂ ਆਈ ਸੀ, ਜਿਹੜਾ ਵੀ ਬੁਲਾਉਂਦਾ ਸਿੱਧੀ ਗਲ਼ ਨੂੰ ਪੈ ਜਾਂਦੀ। ਮੰਗਲ ਸਿੰਘ ਹੋਰਾਂ ਦੀ ਮਾਂ ਮਰ ਚੁੱਕੀ ਸੀ, ਉਹਨਾਂ ਤੋਂ ਤਾਂ ਰੋਟੀ ਪੱਕਦੀ ਹੋ ਗਈ ਦੀ ਖੁਸ਼ੀ ਹੀ ਨਹੀਂ ਸਾਂਭੀ ਜਾਂਦੀ ਸੀ,ਪਰ ਏਧਰ ਏਨੀ ਅੜਬ ਔਰਤ ਨਾਲ ਉਹਨਾਂ ਦਾ ਵਾਹ ਪਿਆ ਕਿ ਕਹਿਣਾ ਹੀ ਕਿ ਸੀ। ਉਹ ਵਿਚਾਰੇ ਕਿਸੇ ਨੂੰ ਕੀ ਦੋਸ਼ ਦਿੰਦੇ , ਸਗੋਂ ਸ਼ਰਮ ਦੇ ਮਾਰੇ ਅੰਦਰੋ -ਅੰਦਰੀ ਤੜਫ ਰਹੇ ਸਨ। ਘਰ ਵਿੱਚ ਇੱਕੋ ਨੂੰਹ ਆਈ ਤੇ ਉਹ ਵੀ ਪੁੱਜ ਕੇ ਲੜਾਕੀ, ਜਦੋਂ ਵੀ ਕੋਈ ਕੰਮ ਕਰਨ ਲਗਦੀ, ਉੱਚੀ-ਉੱਚੀ ਬੋਲਦੀ ਤੇ ਭਾਂਡੇ ਭੰਨਣ ਲੱਗ ਪੈਂਦੀ। ਉਹਨਾਂ ਨੇ ਤਾਂ ਹਾਲੇ ਵਿਆਹ ਦੀਆਂ ਸੁੱਖਣਾਂ ਵੀ ਨਹੀਂ ਤਾਰੀਆਂ ਸੀ ਤੇ ਉਹ ਕਹਿਣ ਲੱਗ ਪਈ-
"ਕੰਜਰੋ, ਮੈਂ ਥੋਡੀ ਲਗੌੜ ਦੇ ਮੰਨ ਪਕਾਉਣ ਨੂੰ ਨੌਕਰਨੀਂ ਰੱਖੀ ਹੋਈ ਆਂ? ਮੈਥੋਂ ਨੀ ਥੋਡਾ ਧੜੀ ਅੰਨ ਪਕਾ ਹੋਣਾ, ਜੇ ਭਲੀ ਚਾਹੁੰਨੇ ਓਂ ਤਾਂ ਸਾਨੂੰ ਅੱਡ ਕਰ ਦਿਓ। ਪੰਦਰਾਂ ਕੀਲਿਆਂ ਦੀ ਮੈਂ 'ਕੱਲੀ ਮਾਲਕ ਆਂ, ਥੋਨੂੰ ਝੁੱਡੂਆਂ ਨੂੰ ਮੈਂ ਕੀ ਜਾਣਦੀ ਆਂ। "
ਸਾਰੇ ਮੂੰਹ ਅੱਡ ਕੇ ਉਹਦੇ ਵੱਲ ਦੇਖਣ ਲੱਗ ਪਏ। ਹੇ ਪ੍ਰਮਾਤਮਾ ! ਅਸੀਂ ਕਿਹੜੇ ਬੁਰੇ ਕਰਮ ਕੀਤੇ ਸੀ ਜਿਹੜੀ ਐਹੋ ਜਿਹੀ ਮੂੜ ਕੁੜੀ ਸਾਡੇ ਪੱਲੇ ਪੈ ਗਈ। ਉਹਨਾਂ ਦੇ ਪਿਉ ਨੇ ਸੋਚਿਆ ਕਿ ਅੱਡ ਕਰ ਦਿੰਨੇ ਆਂ,ਹਾਲੇ ਨਿਆਣੀ ਐ, ਕਮਲ਼ੀ ਨੂੰ ਆਪੇ ਈ ਅਕਲ ਆ ਜਾਵੇਗੀ, ਜਦੋਂ ਆਪ ਘਰ ਦੀ ਜ਼ਿੰਮੇਵਾਰੀ ਸੰਭਾਲੇਗੀ।
                          ਇੱਕ ਮਹੀਨਾ ਮਸਾਂ ਉਹਨਾਂ ਨੇ ਰੋ-ਧੋ ਕੇ ਕੱਢਿਆ। ਮੰਗਲ ਸਿੰਘ ਦੇ ਭਰਾ ਦਾ ਅੱਡ ਹੋਣ ਨੂੰ ਦਿਲ ਨਹੀਂ ਕਰਦਾ ਸੀ।ਉਹ ਤਾਂ ਉੱਚੀ-ਉਚੀ ਧਾਹਾਂ ਮਾਰ ਕੇ ਰੋ ਰਿਹਾ ਸੀ ਕਿ ਕਿਉਂ ਮੇਰੀ ਇਕੱਲੇ ਦੀ ਜਾਨ ਕੰਡਿਆਂ ਉੱਤੇ ਪਾਉਂਦੇ ਹੋ, ਨਹੀਂ ਰਹਿੰਦੀ ਤਾਂ ਇਸਨੂੰ ਇਸਦੇ ਪੇਕੇ ਘਰ ਭੇਜ ਦਿਓ।ਜਿਹੜੀ ਜਨਾਨੀ ਆਪਾਂ ਤਿੰਨਾਂ ਨੂੰ ਵਾਹਣੀਂ ਪਾਈ ਫਿਰਦੀ ਆ, ਉਹਦੇ ਮੂਹਰੇ ਮੇਰੇ ਇਕੱਲੇ ਦੀ ਕੀ ਪੇਸ਼ ਜਾਣੀ ਹੈ? ਮੰਗਲ ਸਿੰਘ ਦਾ ਪਿਉ ਵਿਚਾਰਾ ਭਲਾ ਮਾਣਸ ਬੰਦਾ ਸੀ। ਨੂੰਹ ਨੂੰ ਘਰੋਂ ਧੱਕਣ 'ਚ ਸ਼ਰਮ ਮੰਨਦਾ ਸੀ। ਉਸਨੇ ਆਪਣੇ ਪੱਤ ਨੂੰ ਸਮਝਾਇਆ-
"ਦੇਖ ਪੁੱਤ! ਵਿਆਹ ਵਰਗੇ ਰਿਸ਼ਤੇ ਏਨੇ ਕੱਚੇ ਨਹੀਂ ਹੁੰਦੇ ਜਿਹੜੇ ਝੱਟ ਟੁੱਟ ਜਾਣ, ਇਹ ਤਾਂ ਉਮਰਾਂ ਦੇ ਬੰਧਨ ਹੁੰਦੇ ਨੇ।"
ਉਹਨਾਂ ਦਾ ਕਿਹੜਾ ਛੋਟੇ ਨੂੰ ਏਹੋ ਜਿਹੀ ਕੁਪੱਤੀ ਨਾਲ਼ ਅੱਡ ਕਰਨ ਨੂੰ ਜੀ ਕਰਦਾ ਸੀ ਪਰ ਮਜਬੂਰੀ ਵੱਸ ਅੱਕ ਚੱਬਣਾ ਪਿਆ ਸੀ।ਮਸਾਂ ਦਿਲ ਨੂੰ ਗੰਢ ਮਾਰ ਕੇ, ਕੌੜਾ ਘੁੱਟ ਭਰ ਉਹਨਾਂ ਨੂੰ ਬਾਹਰਲੇ ਘਰ ਅੱਡ ਕਰ ਦਿੱਤਾ।ਸਾਰੀਆਂ ਚੀਜ਼ਾਂ ਦਾ ਅੱਧ ਕਰ ਕੇ ਉਹਨਾਂ ਦਾ ਹਿੱਸਾ ਉਹਨਾਂ ਨੂੰ ਦੇ ਦਿੱਤਾ, ਤਾਂ ਜੋ ਕੱਲ ਨੂੰ ਕੋਈ ਉਲਾਂਭੇ ਵਾਲੀ ਗੱਲ ਨਾ ਰਹੇ।
                        ਸਮਾਂ ਕਿਤੇ ਰੁਕਦਾ ਨਹੀਂ, ਇਹ ਤਾਂ ਅਪਣੀ ਚਾਲੇ ਚੱਲਦਾ ਹੀ ਰਹਿੰਦਾ ਹੈ। ਉਹਨਾਂ ਨੂੰ ਬਹੁਤ ਸ਼ਰਮ ਆਉਂਦੀ ਜਦੋਂ ਕੋਈ ਪੁੱਛਦਾ ਕਿ ਤੁਸੀਂ ਅੱਡ ਕਿਉਂ ਹੋ ਗਏ। ਉਹਨਾਂ ਦੀ ਜੀਭ ਮੁੜਕੇ ਤਾਲ਼ੂਏ ਨਾਲ ਲੱਗ ਜਾਂਦੀ ਸੀ। ਕੀ ਦੱਸਣ ਕਿਸੇ ਨੂੰ ਕਿ ਉਹਨਾਂ ਦੀ ਨੂੰਹ ਏਨੀ ਕੁਪੱਤੀ ਤੇ ਬੇਅਕਲ ਹੈ। ਉਸਨੇ ਤਾਂ ਸਾਨੂੰ ਇੱਕ ਦਿਨ ਵੀ ਰੋਟੀ ਨਹੀਂ ਲਾਹ ਕੇ ਦਿੱਤੀ।
-"ਕੋਈ ਨਾ ਭਾਈ! ਇਕੱਠ ਕਿਹੜਾ ਜ਼ਿੰਦਗੀ ਭਰ ਨਿਭਦੈ। ਸਗੋਂ ਆਪੇ ਆਵਦੀ ਜ਼ਿੰਮੇਵਾਰੀ ਚੁੱਕਣਗੇ। ਮੈਨੂੰ ਕਿਸੇ ਦਾ ਕੋਈ ਫਿਕਰ ਨੀ ਰਹਿਣਾ।" ਮੰਗਲ ਦਾ ਪਿਉ ਆਪਣੀ ਸਾਰੀ ਤਾਕਤ ਜੋੜ ਕੇ ਏਨਾ ਕੁ ਉੱਤਰ ਦਿੰਦਾ, ਅੰਦਰੋਂ ਤਾਂ ਉਸਦਾ ਦਿਲ ਟੁੱਟਿਆ ਪਿਆ ਸੀ। ਏਨੇ ਕਾਮੇ ਤੇ ਸਿਆਣੇ ਪੁੱਤ ਨੂੰ ਕੁਪੱਤੀ ਨੂੰਹ ਕਰਕੇ ਬਿੰਦ ਵਿੱਚ ਦੀ ਮਖਣੀ ਵਿੱਚੋਂ ਵਾਲ ਦੀ ਤਰਾਂ ਪਰੇ ਕਰ ਦਿੱਤਾ ਸੀ। ਇੱਕ ਦੂਸਰੇ ਨੂੰ ਧੀਰਜ ਤਸੱਲੀ ਦਿੰਦੇ ਹੋਏ ਅੱਡ ਹੋ ਗਏ ਸੀ। ਕੁਝ ਦਿਨ ਤਾਂ ਬੜੀ ਮੁਸ਼ਕਿਲ ਨਾਲ ਇਹ ਦਰਦ ਸਹਾਰਿਆ, ਪਰ ਫੇਰ ਇੱਕ ਦੂਜੇ ਤੋਂ ਦੂਰ ਰਹਿਣ ਦੀ ਆਦਤ ਬਣਾ ਲਈ। ਖੇਤ ਤਾਂ ਸਾਰਾ ਦਿਨ ਇਕੱਠੇ ਹੀ ਰਹਿੰਦੇ ਸੀ। ਛੋਟਾ ਵਿਚਾਰਾਦ ਅਪਣੀ ਜ਼ਿੰਦਗੀ ਦੀ ਗੱਡੀ ਨੂੰ ਹੌਲੀ-ਹੌਲੀ ਧੱਕਾ ਲਾਉਂਦਾ ਰਿਹਾ। ਉਹ ਅਪਣੀ ਘਰ ਵਾਲੀ ਦੀ ਭੈੜੀ ਜ਼ੁਬਾਨ ਦਾ ਆਦੀ ਹੋ ਗਿਆ ਸੀ। ਉਸਨੇ ਕਦੇ ਉਸਨੂੰ ਕਿਸੇ ਗੱਲ ਤੋਂ ਮੋੜਿਆ ਨਹੀਂ ਸੀ। ਉਹ ਕਿਵੇਂ ਭਰਿੰਡਾਂ ਦੀ ਖੱਖਰ ਨੂੰ ਹੱਥ ਲਾਉਂਦਾ , ਜਿੱਥੇ ਨਿਰਾ ਜ਼ਹਿਰ ਹੀ ਭਰਿਆ ਹੋਇਆ ਸੀ।  
                    ਥੋੜੇ ਜਿਹੇ ਦਿਨਾਂ ਵਿੱਚ ਆਪਣੇ ਆਪ ਉਸਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਸੀ। ਚੰਗੇ ਬੰਦੇ ਦੀ ਚੰਗਿਆਈ ਤਾਂ ਕਿਸੇ ਦੇ ਦੱਸੇ ਪਰਖੇ ਪਤਾ ਲੱਗਦੀ ਹੈ, ਪਰ ਬੁਰਾਈ-  ਉਸਦਾ ਤਾਂ ਮੂੰਹ ਹੀ ਕਾਲਾ ਹੁੰਦਾ ਹੈ। ਬੰਦੇ ਦੇ ਮੂੰਹੋਂ ਨਿੱਕਲੇ ਬੋਲ-ਕਬੋਲ ਉਸਦੀ ਪਹਿਚਾਣ ਕਰਾ ਦਿੰਦੇ ਹਨ। ਕਿਸੇ ਨੂੰ ਆਪਣੇ ਮੂੰਹੋਂ ਉਹਨਾਂ ਕੁਝ ਨਹੀਂ ਦੱਸਿਆ ਸੀ। ਉਹ ਆਪਣੇ ਆਪ ਹੀ ਸਭ ਦੇ ਸਾਹਮਣੇ ਉਜਾਗਰ ਹੋ ਗਈ ਸੀ। ਮੰਗਲ ਸਿੰਘ ਹੋਰੀਂ ਜਦੋਂ ਉਸਨੂੰ ਕਿਸੇ ਗੁਆਂਢੀ ਨਾਲ ਬਾਹਾਂ ਕੱਢ-ਕੱਢ ਕੇ ਲੜਦੀ ਨੂੰ ਦੇਖਦੇ ਤਾਂ ਕਹਿੰਦੇ ਕਿ ਸ਼ੁਕਰ ਐ, ਅਸੀਂ ਏਹੋ ਜਿਹੀ ਤੋਂ ਛੇਤੀ ਹੀ ਛੁੱਟ ਗਏ , ਨਹੀਂ ਤਾਂ ਹਰ ਰੋਜ਼ ਲੋਕਾਂ ਨੇ ਸਾਡੀ ਕੁੱਤੇਹਾਣੀ ਹੁੰਦੀ ਦੇਖਿਆ ਕਰਨੀ ਸੀ। ਉਸ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ ਸੀ, ਅਸੀਂ ਵਾਧੇ ਦੇ ਕੰਜਰ ਵੱਜਣਾ ਸੀ। ਬੁਰੇ ਬੰਦੇ ਨੇ ਤਾਂ ਹਰ ਰੋਜ਼ ਆਪਣੀ ਹੀ ਧਾਂਕ ਜਮਾਉਣੀ ਹੁੰਦੀ ਹੈ, ਤੇ ਸ਼ਰੀਫ ਵਿਚਾਰਾ ਰਗੜਿਆ ਜਾਂਦਾ ਹੈ।
                       ਮੰਗਲ ਸਿੰਘ ਹੋਰੀਂ ਜਿਵੇਂ ਅੱਗੇ ਆਵਦਾ ਡੰਗ ਟਪਾਉਂਦੇ ਸੀ, ਉਵੇਂ ਹੀ ਫੇਰ ਆਪਣੀ ਰੋਟੀ ਦਾ ਜੁਗਾੜ ਕਰਨ ਲੱਗ ਪਏ। ਨਿੱਤ-ਨਿੱਤ ਕਿਵੇਂ ਕਿਸੇ ਦੇ ਚੁੱਲੇ ਵੱਲ ਵੇਖਦੇ। ਵਿਆਹ ਦੇ ਤਾਂ ਨਾਂ ਤੋਂ ਹੀ ਉਹਨਾਂ ਨੂੰ ਭੈਅ ਜਿਹਾ ਆਉਣ ਲੱਗ ਪਿਆ ਸੀ। ਵਿਆਹ ਤਾਂ ਦੇਖ ਲਿਆ ਸੀ ਉਹਨਾਂ ਨੇ। ਸ਼ੁਕਰ ਕਰਦੇ ਕਿ ਬਲਾ ਗਲੋਂ ਲੱਥੀ। ਨਹੀਂ ਤਾਂ ਉਮਰ ਅੱਧੀ ਰਹਿ ਜਾਣੀ ਸੀ। ਬਾਹਰ ਨਿੱਕਲਦਿਆਂ ਨੂੰ ਲੋਕਾਂ ਕੋਲੋਂ ਸ਼ਰਮ ਆਇਆ ਕਰਨੀ ਸੀ। ਜੋ ਹੋਇਆ ਚੰਗਾ ਹੀ ਹੋਇਆ ਸੀ। ਮੰਗਲ ਸਿੰਘ ਤੇ ਉਹਦਾ ਪਿਉ ਹਰ ਰੋਜ਼ ਇਹੋ ਗੱਲਾਂ ਛੇੜ ਕੇ ਬਹਿ ਜਾਂਦੇ। ਉਹ ਅਕਸਰ ਇੱਕ ਦੂਜੇ ਨਾਲ ਗੱਲਾਂ ਕਰਦੇ ਕਿ ਹੋਰਾਂ ਲੋਕਾਂ ਦੇ ਵੀ ਘਰ ਵਸਦੇ ਨੇ, ਆਪਾਂ ਨੂੰ ਹੀ ਕਿਉਂ ਏਹੋ ਜਿਹੀ ਬੇ-ਲਿਆਕਤੀ ਕੁਡ਼ੀ ਮਿਲੀ?
                       ਮੰਗਲ ਸਿੰਘ ਦੇ ਭਰਾ ਨੇ ਤਾਂ ਆਪਣਾ ਮਨ ਹੀ ਮਾਰ ਲਿਆ ਸੀ। ਉਹ ਤਾਂ ਜੋ ਵੀ ਕਮਾਉਂਦਾ, ਉਹਦੇ ਮੂਹਰੇ ਲਿਆ ਕੇ ਧਰ ਦਿੰਦਾ - "ਲੈ ਭਾਗਵਾਨੇਂ! ਛੇਆਂ ਮਹੀਨਿਆਂ ਦੀ ਫਸਲ ਦੀ ਕਮਾਈ ਸਾਂਭ ਲੈ।"  ਪਰ ਉਹਦੀ ਘਰਵਾਲੀ ਨੇ ਤਾਂ ਕਦੇ ਸਿੱਧੀ ਗੱਲ ਦਾ ਵੀ ਸਿੱਧਾ ਜਵਾਬ ਨਹੀਂ ਸੀ ਦਿੱਤਾ। ਪਤਾ ਨਹੀਂ ਕੀ ਕਾਂ ਦਾ ਜੂਠਾ ਖਾਧਾ ਹੋਇਆ ਸੀ। ਉਹ ਤਾਂ ਸਾਰਾ ਦਿਨ ਕੁਰਲ-ਕੁਰਲ ਕਰਨੋਂ ਨਹੀਂ ਹਟਦੀ ਸੀ। ਮਾਡ਼ੀ-ਮਾਡ਼ੀ ਗੱਲ ਤੇ ਆਸ ਗੁਆਂਢ ਨਾਲ ਲਡ਼ਾਈ ਛੇਡ਼ੀ ਰੱਖਦੀ। ਜੇ ਆਪਣੇ ਜੁਆਕਾਂ ਦੀ ਵੀ ਗਲਤੀ ਹੁੰਦੀ ਤਾਂ ਵੀ ਦੂਜਿਆਂ ਦੇ ਗਲ਼ ਫਲਾਹੀ ਦੀ ਝਿੰਗ ਵਾਂਗੂੰ ਪੈ ਜਾਂਦੀ ਸੀ। ਉਸਦੀ ਕਿਸੇ ਨਾਲ ਵੀ ਦਾਲ਼ ਨਹੀਂ ਗਲ਼ਦੀ ਸੀ। ਉਹ ਆਪਣੇ ਹੰਕਾਰ ਵਿੱਚ ਏਨੀਗਲਤਾਨ ਹੋ ਗਈ ਸੀ ਕਿ ਉਸਨੂੰ ਏਨੀ ਸਮਝ ਵੀ ਨਹੀਂ ਰਹੀ ਕਿ ਜੇਕਰ ਮੈਨੂੰ ਕੋਈ ਤਕਲੀਫ ਪੈ ਜਾਵੇ ਤਾਂ ਵੇਲੇ ਕੁਵੇਲੇ ਕੌਣ ਮੇਰੇ ਨਾਲ ਖਡ਼ੇਗਾ? ਉਹ ਹਰ ਵੇਲੇ ਆਪਣੇ ਬੱਚਿਆਂ ਨੂੰ ਏਹੋ ਕਹਿੰਦੀ ਕਿ ਅਸੀਂ ਕਿਸੇ ਤੋਂ ਕੀ ਲੈਣਾ ਹੈ? ਅਸੀਂ ਕਿਸੇ ਦੀ ਅਮੀਰੀ ਚੱਟਣੀ ਐ? ਖਬਰਦਾਰ ਜੇ ਕਿਸੇ ਦੀਆਂ ਲਾਲ਼ਾਂ ਚੱਟੀਆਂ ਤਾਂ। ਅਸੀਂ ਵੀ ਅਕਸਰ ਆਪਣੇ ਘਰ ਅੰਨ ਖਾਂਦੇ ਹਾ।
                      ਇੱਕ ਦਿਨ ਮੰਗਲ ਸਿੰਘ ਦਾ ਪਿਉ ਖੇਤਾਂ ਵੱਲੋਂ ਪੈਦਲ ਤੁਰਿਆ ਆ ਰਿਹਾ ਸੀ। ਕਿਸੇ ਦੇ ਮਾਰਨ ਖੂਡੇ ਬਲ਼ਦ ਨੇ ਐਸੀ ਟੱਕਰ ਮਾਰੀ ਕਿ ਵਿਚਾਰਾ ਥਾਂਏ ਮਰ ਗਿਆ। ਸਾਰੇ ਭੱਜੇ ਆਏ ਪਰ ਉਸਦੇ ਡਿੱਗਦੇ ਦੇ ਐਸੀ ਸੱਟ ਵੱਜੀ ਕਿ ਉਹ ਬਚ ਨਾ ਸਕਿਆ। ਮੰਗਲ ਸਿੰਘ ਕੀ ਕਰਦਾ ਵਿਚਾਰਾ, ਆਪਣਾ ਦਿਲ ਤਕਡ਼ਾ ਕਰ ਕੇ ਅੰਤਿਮ ਸੰਸਕਾਰ ਕਰ ਦਿੱਤਾ। ਦੋਹਾਂ ਭਰਾਵਾਂ ਨੇ ਆਪਣੇ ਪਿਉ ਦਾ ਬਹੁਤ ਦੁੱਖ ਮੰਨਿਆ ਸੀ। ਭੋਗ ਪਾਉਣ ਤੀਕ ਲੋਕਾਂ ਦੀ ਆਵਾਜਾਈ ਬਣੀ ਰਹੀ। ਪਰ ਪਿੱਛੋਂ ਮੰਗਲ ਸਿੰਘ ਨੂੰ ਘਰ ਖਾਣ ਨੂੰ ਆਉਣ ਲੱਗ ਪਿਆ। ਇਕੱਲੇਪਣ ਤੇ ਨਿਰਾਸਤਾ ਨੇ ਘੇਰ ਲਿਆ ਸੀ ਉਸਨੂੰ। ਰੋਟੀ ਪਕਾ ਕੇ ਇੱਕ ਬੁਰਕੀ ਵੀ ਮੂੰਹ 'ਚ ਪਾਉਣ ਨੂੰ ਦਿਲ ਨਹੀਂ ਕਰਦਾ ਸੀ। ਕਈ ਦਿਨ ਤੱਕ ਤਾਂ ਆਸ ਗੁਆਂਢ ਵਾਲੇ ਰੋਟੀ ਟੁੱਕ ਪਕਾ ਕੇ ਦਿੰਦੇ ਰਹੇ ,ਪਰ ਹਰ ਰੋਜ਼ ਤਾਂ ਬਹੁਤ ਔਖਾ ਸੀ। ਸਾਰਿਆਂ ਨੂੰ ਆਪੋ ਆਪਣੇ ਘਰ ਦੇ ਏਨੇ ਰੁਝੇਵੇਂ ਹੁੰਦੇ ਹਨ ਕਿ ਦੂਸਰਿਆਂ ਲਈ ਸਪੈਸ਼ਲ ਰੋਟੀ ਦਾ ਆਹਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਾਰੇ ਦੁੱਖ-ਸੁੱਖ ਤਾਂ ਬਥੇਰਾ ਵੰਡਾਉਂਦੇ ਸੀ ਪਰ ਇਹ ਰੋਟੀ ਦਾ ਕੰਮ ਕਿਹੜਾ ਇੱਕ ਦਿਨ ਦਾ ਸੀ, ਭੁੱਖ ਤਾਂ ਤਿੰਨ ਵੇਲੇ ਲਗਦੀ ਹੈ।
                      ਮੰਗਲ ਸਿੰਘ ਦਾ ਆਪਣੇ ਪਿਤਾ ਤੇ ਭਰਾ ਨਾਲ ਬਹੁਤ ਪਿਆਰ ਸੀ। ਆਪਣਿਆਂ ਤੋਂ ਬਗੈਰ ਜ਼ਿੰਦਗੀ ਕਿੰਨੀ ਅਧੂਰੀ ਤੇ ਖਾਲੀ ਜਿਹੀ ਲੱਗ ਪਈ ਸੀ। ਏਨੀ ਤਾਂ ਉਸਨੂੰ ਸਮਝ ਸੀ ਕਿ ਉਸਦਾ ਪਿਉ ਬਜ਼ੁਰਗ ਸੀ, ਇੱਕ ਦਿਨ ਤਾਂ ਜ਼ਰੂਰ ਉਸਨੇ ਇਹ ਸੰਸਾਰ ਛੱਡ ਕੇ ਜਾਣਾ ਹੀ ਸੀ, ਪਰ ਜਿਹੜੀ ਏਸ ਤਰਾਂ ਅਚਾਨਕ ਜਿਹੜੀ ਇੱਕ ਦੁਰਘਟਨਾ ਨਾਲ ਉਸਦੀ ਮੌਤ ਹੋਈ ਸੀ, ਉਸਦਾ ਮੰਗਲ ਸਿੰਘ ਨੂੰ ਬਹੁਤ ਜ਼ਿਆਦਾ ਅਫਸੋਸ ਸੀ। ਉਹ ਇਸ ਘਟਨਾ ਨੂੰ ਜਿੰਨਾ ਜ਼ਿਆਦਾ ਭੁੱਲਣ ਦੀ ਕੋਸ਼ਿਸ਼ ਕਰਦਾ ਸੀ, ਉਹ ਓਨੀ ਹੀ ਯਾਦ ਆਉਂਦੀ ਸੀ। ਉਸਨੂੰ ਸਾਰੇ ਸਮਝਾਉਂਦੇ ਰਹਿੰਦੇ ਕਿ ਜੇ ਤੇਰਾ ਛੋਟਾ ਭਰਾ ਤੇਰੇ ਨਾਲ਼ ਹੁੰਦਾ ਤਾਂ ਤੇਰੀ ਰੋਟੀ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਰਹਿਣਾ ਸੀ, ਪਰ ਹੁਣ ਤਾਂ ਭਾਈ ਮੰਗਲ ਸਿਆਂ ਤੈਨੂੰ ਆਪਣੇ ਬਾਰੇ ਜ਼ਰੂਰ ਸੋਚਣਾ  ਚਾਹੀਦਾ ਹੈ। ਇਕੱਲੇ ਦੀ ਜ਼ਿੰਦਗੀ ਬਸਰ ਹੋਣੀ ਤਾਂ ਬਹੁਤ ਮੁਸ਼ਕਿਲ ਹੈ। ਜੇਕਰ ਤੇਰਾ ਘਰ ਵਸ ਜਾਵੇ ਤਾਂ ਕਿਸੇ ਨੂੰ ਕੋਈ ਫਿਕਰ ਨਹੀਂ ਰਹੇਗਾ। ਏਸੇ ਤਰਾਂ ਇੱਕ ਸਾਲ ਬੀਤ ਚੱਲਿਆ ਸੀ। ਮੰਗਲ ਸਿੰਘ ਆਪਣੇ ਵਿਆਹ ਬਾਰੇ ਕੋਈ ਫੈਸਲਾ ਨਾ ਕਰ ਸਕਿਆ। ਛੋਟੇ ਭਰਾ ਦੀ ਘਰਵਾਲੀ ਨੂੰ ਦੇਖ ਕੇ ਉਸਦੇ ਮਨ ਵਿੱਚ ਇੱਕ ਸਹਿਮ ਜਿਹਾ ਘਰ ਕਰ ਗਿਆ ਸੀ। ਸੋਚਦਾ ਰਹਿੰਦਾ ਸੀ ਕਿ ਜੇਕਰ ਮੇਰੇ ਘਰ ਵੀ ਕੋਈ ਇਹੋ ਜਿਹੀ ਜਨਾਨੀ ਆ ਗਈ ਤਾਂ ਜ਼ਿੰਦਗੀ ਨਰਕ ਬਣ ਜਾਵੇਗੀ। ਏਹੋ ਜਿਹੀ ਔਰਤ ਨਾਲੋਂ ਤਾਂ ਮੈਂ ਅਣਵਿਆਹਿਆ ਹੀ ਵਧੀਆ ਹਾਂ। ਕੋਈ ਦਿਮਾਗ 'ਚ ਟੈਂਸ਼ਨ ਤਾਂ ਨਹੀਂ ਹੈ। ਪਰ ਅਕਸਰ ਘਰ ਤਾਂ ਸਿਆਣੀਆਂ ਔਰਤਾਂ ਨਾਲ ਹੀ ਵਸਦੇ ਨੇ। ਘਰ ਗ੍ਰਹਿਸਤੀ ਦੀ ਗੱਡੀ ਨੂੰ ਚਲਾਉਣ ਲਈ ਦੋ ਪਹੀਆਂ ਦੀ ਜ਼ਰੂਰਤ ਹੁੰਦੀ ਹੈ। ਏਸੇ ਤਰਾਂ ਦੀ ਦੋ ਚਿੱਤੀ ਵਿੱਚ ਦਿਨ ਕਟੀ ਹੋ ਰਹੀ ਸੀ।
                                                                                                                          ਚੱਲਦਾ...........

No comments:

Post a Comment